Sukhdev Panjrukha

Sukhdev Panjrukha

Share

Promote positive & ignore negative thought

21/04/2024

*** ਕਰ ਫਸਲਾ ਦੀ ਰਾਖੀ ,ਜੱਟਾ ਆਈ ਵਿਸਾਖੀ,***



ਕਰ ਫਸਲਾਂ ਦੀ ਰਾਖੀ ,
ਜੱਟਾ ਆਈ ਵਿਸਾਖੀ ।

ਬਿਜਲੀ ਦੀਆਂ ਢਿੱਲੀਆਂ ਤਾਰਾਂ ਤੋਂ ,
ਚੱਲਦੀਆਂ ਮੋਟਰ , ਗੱਡੀਆਂ ਕਾਰਾਂ ਤੋਂ ।
ਕਈ ਸਿਗਰਟ , ਬੀੜੀ ਪੀਂਣ ਵਾਲੇ ,
ਸੁੱਟ ਦਿੰਦੇ ਜੋ ਅੱਧ ਧੁਆਖੀਂ ।
ਕਰ ਫਸਲਾਂ ਦੀ ਰਾਖੀ ,
ਜੱਟਾ ਆਈ ਵਿਸਾਖੀ ।
ਕਰ ਫਸਲਾਂ ਦੀ ਰਾਖੀ ।

ਕਈ ਲੋਟੂ ਵੀ ਫੇਰੇ ਪਾਉਣਗੇ ,
ਜਬਰੀ ਸੇਵਾ ਉਗਰਾਹੁਣਗੇ ।
ਮੰਡੀ ਵਿੱਚ ਵੀ ਰਹੀ ਜਾਗਦਾ ,
ਕੰਡੇ ਨਾਲ ਵੀ ਕੁੰਡੀ ਲਾਉਣਗੇ ।
ਹੋਇਆ ਅਵੇਸਲਾ ਲੁੱਟਿਆਂ ਜਾਵੇਗਾ ,
ਫੇਰ ਕਿਸਮਤ ਨੂੰ ਮਾੜੀ ਨਾ ਆਖੀਂ ।
ਕਰ ਫਸਲਾਂ ਦੀ ਰਾਖੀ ,
ਜੱਟਾ ਆਈ ਵਿਸਾਖੀ ।

ਥੋੜਾ ਸਬਰ ਜਿਹਾ ਵੀ ਰੱਖੀ,
ਕੱਚੀ ਨੂੰ ਦਾਤੀ ਨਾ ਪਾਈ ।
ਸਾਫ਼ ਫਸਲ ਨੂੰ ਪੂਰੀ ਕਰਕੇ ,
ਫੇਰ ਹੀ ਮੰਡੀ ਲੈ ਕੇ ਜਾਈਂ ।
ਤੁਲਾਈ ,ਸਫਾਈ ਤੇ ਬੋਰੀਆਂ ਦੀ ਗਿਣਤੀ ,
ਧਿਆਨ ਨਾਲ ਸਭ ਨਾਪੀ ।
ਕਰ ਫਸਲਾਂ ਦੀ ਰਾਖੀ ।
ਜੱਟਾ ਆਈ ਵਿਸਾਖੀ ,

ਜੇ ਫ਼ਾਰਮ ਵੀ ਜ਼ਰੂਰੀ ਲੈਣਾ ,
ਪੈਸਾ ਤਾਂ ਹੀ ,ਤੇਰੇ ਖਾਤੇ ਪੈਣਾ ।
ਕੱਚੀ ਪਰਚੀ ਨਿਰਾ ਹੀ ਧੋਖਾ ,
ਇਸ ਤੋਂ ਵੀ ਬਚ ਕੇ ਰਹਿਣਾ ।
ਪੰਜਰੁੱਖੇ ‘ਨੇ ਸੋਚ ਸਮਝ ਕੇ ਹੀ ,
ਸੱਚੋ ਸੱਚ , ਸੁਣਾਈ ਸਾਖੀ ।
ਕਰ ਫਸਲਾਂ ਦੀ ਰਾਖੀ ,
ਜੱਟਾ ਆਈ ਵਿਸਾਖੀ ,
ਕਰ ਫਸਲਾਂ ਦੀ ਰਾਖੀ ।

ਸੁਖਦੇਵ ਸਿੰਘ ਪੰਜਰੁੱਖਾ
ਮੋਬ :- 7888892342

19/04/2024

****** ਡੇਰਾਵਾਦ ਅਤੇ ਗੁਰਬਾਣੀ ******

ਸਮੁੱਚੇ ਭਾਰਤ ਵਿੱਚ ਹੀ ਨਹੀਂ ਸਗੋ ਹੁਣ ਤਾਂ ਸਾਰੇ ਵਿਸ਼ਵ ਵਿੱਚ ਧਰਮਾਂ ਦੀ ਆੜ ਵਿੱਚ ਡੇਰਾਵਾਦ ਨੇ ਵੱਡੇ ਪੱਧਰ ਤੇ ਪੈਰ ਪਸਾਰ ਲਏ ਹਨ । ਕੋਈ ਵੀ ਦੇਸ਼ ਜਾਂ ਧਰਮ ਡੇਰਾਵਾਦ ਦੀ ਅਲਾਮਤ ਤੋਂ ਅਛੂਤ ਨਹੀ ਹੈ । ਪੰਜਾਬ ਵਿੱਚ ਤਾਂ ਹਰ ਕਸਬੇ , ਸ਼ਹਿਰ , ਇਲਾਕੇ ਅਤੇ ਸੜਕ ਤੇ ਕੋਈ ਨਾ ਕੋਈ ਵੱਡਾ ਛੋਟਾ ਡੇਰਾ ਨਜ਼ਰ ਆ ਜਾਂਦਾ ਹੈ ।
ਹਰ ਡੇਰੇ ਦੇ ਹਜ਼ਾਰਾਂ ਨਹੀ ਸਗੋਂ ਲੱਖਾਂ ਪੈਰੋਕਾਰ ਹਨ । ਇੱਥੋਂ ਤੱਕ ਕਿ ਕਿਸੇ ਇੱਕ ਸਖਸੀਅਤ ਦੇ ਨਾਂ ਤੇ ਹੀ ਵੱਖ ਵੱਖ ਇਲਾਕਿਆਂ ਵਿੱਚ ਅਨੇਕਾਂ ਡੇਰੇ ਹਨ । ਜੇਕਰ ਇਹਨਾਂ ਨੂੰ ਡੇਰਿਆਂ ਦੀਆਂ ਸਾਖਾਵਾ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀ ਹੋਵੇਗੀ । ਕਿਸੇ ਵੀ ਡੇਰੇਦਾਰ ਦੇ ਪ੍ਰਲੋਕ ਗਮਨ ਤੋਂ ਬਾਅਦ ਅਗਲੇ ਵਿਅਕਤੀ ਨੂੰ ਗੱਦੀ ਤੇ ਬਿਠਾ ਦਿੱਤਾ ਜਾਂਦਾ ਹੈ । ਇੱਥੋਂ ਤੱਕ ਕਿ ਹਰ ਵੱਖਰੀ ਸਾਖ ਲਈ ਵੱਖਰਾ ਗੱਦੀਨਸ਼ੀਨ ਨਿਰਧਾਰਿਤ ਕਰ ਦਿੱਤਾ ਜਾਂਦਾ ਹੈ ।

ਮੇਰਾ ਇਰਾਦਾ ਕਿਸੇ ਡੇਰੇ ਜਾਂ ਧਰਮ ਦਾ ਵਿਰੋਧ ਕਰਨਾ ਬਿਲਕੁਲ ਨਹੀਂ ਹੈ । ਪਰ ਸਿਆਣੇ ਕਹਿੰਦੇ ਹਨ ਕਿ ,” ਬੋਹੜ ਦੇ ਹੇਠ ਕਦੇ ਬੋਹੜ ਨਹੀਂ ਜੰਮਦਾ “ ।ਕਿਸੇ ਸਖਸੀਅਤ ਦੀ ਭਗਤੀ ਕਾਰਨ ਉਸ ਦਾ ਅਧਿਆਤਮਿਕ ਪੱਧਰ ਬਹੁਤ ਉੱਚ ਦਰਜੇ ਦਾ ਹੋ ਸਕਦਾ ਹੈ । ਪਰ ਕੀ ਹਰ ਨਵੇਂ ਗੱਦੀ-ਨਸ਼ੀਨ ਦਾ ਅਧਿਆਤਮਕ ਪੱਧਰ ਪਹਿਲੀ ਸਖਸੀਅਤ ਵਰਗਾ ਹੀ ਹੋ ਸਕਦਾ ਹੈ ? ਖੈਰ ਛੱਡੋ , ਆਓ ਅਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੇ ਇਸ ਸਲੋਕ ਤੋ ਸੇਧ ਲਈਏ ਜੋ ਗੁਰੂ ਚੇਲੇ ਦੀ ਪ੍ਰੰਪਰਾ ਸਬੰਧੀ ਦਰਜ ਹੈ -

ਸਲੋਕ ਮਃ ੧ ॥

ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥
ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹੈ ਛਜ ॥
ਦੇਨ੍ਹਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥
ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥

ਭਾਵ- ਉਹ ਲੋਕ ਮੂਰਖ ਕਮਲੇ ਹਨ ਜੋ ਆਪਣੇ ਚੇਲਿਆਂ ਨੂੰ ਸੇਹਲੀ ( ਸੇਲੀ ) ਟੋਪੀ ਦੇਂਦੇ ਹਨ । ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਆਪਣੇ ਚੇਲਿਆਂ ਨੂੰ ਗੱਦੀ ਦੇਂਦੇ ਹਨ । ਇਹ ਸੇਹਲੀ-ਟੋਪੀ ਲੈਣ ਵਾਲੇ ਭੀ ਬੇਸ਼ਰਮ ਹਨ , ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ । ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ ਚੂਹਾ ਆਪ ਤਾਂ ਖੁੱਡ ਵਿਚ ਵੜ ਨਹੀਂ ਸਕਦਾ, ਉਤੋਂ ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ ।
ਹੇ ਨਾਨਕ ! ਇਹੋ ਜਿਹੀਆਂ ਗੱਦੀਆਂ ਥਾਪ ਕੇ ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ, ਪਰ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ ਮਰ ਕੇ ਕਿਥੇ ਜਾ ਪੈਂਦੇ ਹਨ । ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ ।
ਆਓ ਕੁੱਝ ਸੋਚੀਏ ਅਤੇ ਵਿਚਾਰੀਏ । ਫੈਸਲਾ ਅਸੀ ਖੁਦ ਕਰਨਾ ਹੈ ਕਿ ਅਸੀ ਕਿਸ ਰਸਤੇ ਤੇ ਚੱਲਣਾ ਹੈ ।
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥
ਦਾਸ - ਸੁਖਦੇਵ ਸਿੰਘ ਪੰਜਰੁੱਖਾ 🙏

15/04/2024

“ਤਾਲੇ ਸਾਧਾਂ ਲਈ ਹੁੰਦੇ ਨੇ , ਚੋਰਾਂ ਲਈ ਨਹੀ ! “

ਇੱਕ ਧਾਰਮਿਕ ਸਥਾਨ ਤੇ ਸਰਧਾਲੂਆਂ ਵੱਲੋਂ ਰੋਜ਼ਾਨਾ ਚੜ੍ਹਦੇ ਚੜਾਵੇ ਲਈ ਗੋਲਕ ਰੱਖ ਦਿੱਤੀ ਤਾਂ ਕਿ ਮਹੀਨੇ ਵਾਰ ਚੜਾਵੇ ਦਾ ਹਿਸਾਬ ਕਿਤਾਬ ਰੱਖਿਆ ਜਾ ਸਕੇ । ਅਚਾਨਕ ਇੱਕ ਦਿਨ ਚੋਰ ਨੇ ਗੋਲਕ ਦਾ ਤਾਲਾ ਤੋੜ ਕੇ ਗੋਲਕ ਖਾਲੀ ਕਰ ਦਿੱਤਾ । ਪ੍ਰਬੰਧਕਾਂ ਨੂੰ ਬਹੁਤ ਦੁੱਖ ਹੋਇਆ । ਉਹਨਾਂ ਨੇ ਇੱਕ ਹੋਰ ਮਜਬੂਤ ਤਾਲਾ ਲਿਆ ਕੇ ਲਾ ਦਿੱਤਾ ਜਿਸ ਦੀਆਂ ਤਿੰਨ ਚਾਬੀਆਂ ਸਨ । ਇੱਕ ਪ੍ਰਧਾਨ ਨੂੰ , ਦੂਜੀ ਸਕੱਤਰ ਨੂੰ ਅਤੇ ਤੀਜੀ ਖ਼ਜ਼ਾਨਚੀ ਨੂੰ ਫੜਾ ਦਿੱਤੀ ਤਾਂ ਕਿ ਜੇ ਇੱਕ ਗੁੰਮ ਹੋ ਜਾਵੇ ਤਾਂ ਦੂਜੀਆਂ ਦੋ ਬਚੀਆ ਰਹਿਣ । ਪ੍ਰਬੰਧਕ ਲਗਾਤਾਰ ਨਿਗਰਾਨੀ ਵੀ ਰੱਖਦੇ ਰਹੇ । ਪੂਰਾ ਮਹੀਨਾ ਗੋਲਕ ਸੁਰੱਖਿਅਤ ਰਹੀ ।
ਮਹੀਨੇ ਬਾਅਦ ਗੋਲਕ ਦਾ ਚੜਾਵਾ ਗਿਣਨ ਲਈ ਕਮੇਟੀ ਮੈਂਬਰ ਇਕੱਠੇ ਹੋਏ । ਖਜਾਨਚੀ ਨੇ ਚਾਬੀ ਨਾਲ ਤਾਲਾ ਖੋਲਣ ਲਈ ਚਾਬੀ ਲਗਾਈ ਤਾਂ ਤਾਲਾ ਨਾ ਖੁੱਲ੍ਹਿਆ । ਦੂਜੇ ਮੈਂਬਰ ਉਸ ਨੂੰ ਕਹਿਣ ਲੱਗੇ ਕਿ ਤੇਰੇ ਕੋਲੋ ਚਾਬੀ ਬਦਲ ਗਈ ਹੈ । ਘਰ ਜਾ ਕੇ ਦੇਖ ਕੇ ਆ । ਉਹਨਾਂ ਨੇ ਨਾਲ ਹੀ ਪ੍ਰਧਾਨ ਦੇ ਘਰੋਂ ਦੂਜੀ ਚਾਬੀ ਮੰਗਵਾ ਲਈ । ਉਸ ਨਾਲ ਵੀ ਤਾਲਾ ਨਾ ਖੁੱਲ੍ਹਿਆ । ਤੀਜੀ ਚਾਬੀ ਨਾਲ ਵੀ ਤਾਲਾ ਨਾ ਖੁੱਲ੍ਹਿਆ । ਸਾਰੇ ਤਾਲਾ ਖੋਲਣ ਲਈ ਵਾਰੋ ਵਾਰ ਕੋਸ਼ਿਸ਼ ਕਰਨ । ਕੋਈ ਸਰੋਂ ਦਾ ਤੇਲ ਲੈ ਆਇਆ ਕਿ ਸ਼ਾਇਦ ਅੰਦਰ ਕੋਈ ਝੜ ਫਸ ਗਈ ਹੋਵੇਗੀ । ਪਰ ਤਾਲਾ ਨਾ ਖੁੱਲ੍ਹਿਆ । ਥੱਕ ਹਾਰ ਕੇ ਤਾਲਾ ਤੋੜਨਾ ਹੀ ਪਿਆ ।
ਜਦੋ ਗੋਲਕ ਖੁੱਲ੍ਹਿਆ ਤਾਂ ਉਸ ਵਿੱਚੋਂ ਥੋੜੇ ਬਹੁਤ ਸਿੱਕਿਆਂ ਤੋਂ ਇਲਾਵਾ ਸਾਰਾ ਚੜਾਵਾ ਗਾਇਬ ਸੀ । ਸਾਰੇ ਬਹੁਤ ਹੈਰਾਨ ਸਨ ਕਿ ਇਹ ਕੀ ਹੋ ਗਿਆ !
ਅਚਾਨਕ ਇੱਕ ਸੂਝਵਾਨ ਬੰਦੇ ਨੇ ਤਾਲੇ ਤੇ ਲੱਗੇ ਨੰਬਰ ਅਤੇ ਚਾਬੀਆਂ ਤੇ ਲੱਗੇ ਨੰਬਰ ਮਿਲਾ ਕੇ ਦੇਖੇ ਤਾਂ ਤਾਲੇ ਦੇ ਨੰਬਰ , ਚਾਬੀਆਂ ਦੇ ਨੰਬਰ ਨਾਲ ਨਾ ਮਿਲੇ । ਕਾਫ਼ੀ ਮੱਥਾ-ਪੱਚੀ ਕਰਨ ਤੋਂ ਬਾਅਦ ਉਹਨਾਂ ਨੂੰ ਸਮਝ ਲੱਗੀ ਕਿ ਸਾਤਿਰ ਚੋਰ ਨੇ ਗੋਲਕ ਨੂੰ ਲੱਗੇ ਤਾਲੇ ਦੇ ਬਿਲਕੁਲ ਨਾਲ ਦਾ ਹੀ ਹੋਰ ਤਾਲਾ ਲਿਆ ਕੇ ਪਹਿਲਾ ਤਾਲਾ ਤੋੜ ਦਿੱਤਾ ਅਤੇ ਆਪਣੇ ਵਾਲਾ ਲਗਾ ਦਿੱਤਾ ਸੀ । ਪ੍ਰਬੰਧਕ ਤਾਲਾ ਦੇਖ ਕੇ ਗੋਲਕ ਨੂੰ ਸੁਰੱਖਿਅਤ ਸਮਝਦੇ ਰਹੇ । ਪਰ ਸਾਤਿਰ ਚੋਰ ਆਪਣੀ ਚਾਬੀ ਨਾਲ ਤਾਲਾ ਖੋਲ ਕੇ ਚੜਾਵੇ ਦਾ ਹਿਸਾਬ ਕਿਤਾਬ ਨਾਲੋ ਨਾਲ ਕਰਦਾ ਰਿਹਾ । ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ , “ ਤਾਲੇ ਸਾਧਾਂ ਲਈ ਹੁੰਦੇ ਨੇ , ਚੋਰਾਂ ਲਈ ਨਹੀ “!

ਸੁਖਦੇਵ ਸਿੰਘ ਪੰਜਰੁੱਖਾ
ਮੋਬ :- 7888892342

28/02/2024

“ Science is universal but religions are divided everywhere.”
Happy National Science Day
Sukhdev S Panjrukha 🙏

21/02/2024

*** ਕੌਮਾਂਤਰੀ ਮਾਂ ਬੋਲੀ ਦਿਵਸ ਤੇ ਆਓ ਨਵੀਂ ਪਨੀਰੀ ਨੂੰ ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ ਦਈਏ ,

ਠੀਕ ਹੀ ਕਿਹਾ ਹੈ ਕਿ ,” ਮਾਂ ਬੋਲੀ ਜੇ ਭੁੱਲ ਜਾਵੋਗੇ , ਕੱਖਾਂ ਵਾਂਗੂੰ ਰੁੱਲ ਜਾਵੋਗੇ “।ਮਾਂ ਬੋਲੀ ਦੀ ਗੱਲ ਕਰਨ ਲੱਗਿਆ ਹਰ ਸੂਝਵਾਨ ਇਨਸਾਨ ਰਸੂਲ ਹਮਜਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਵਿੱਚੋਂ ਇਹ ਹਵਾਲਾ ਜ਼ਰੂਰ ਦਿੰਦਾ ਹੈ ਕਿ ਕਿਵੇਂ ਇੱਕ ਮਾਂ ਆਪਣੇ ਪੁੱਤਰ ਵੱਲੋ ਉਸ ਦੀ ਮਾਂ ਬੋਲੀ ਨੂੰ ਭੁੱਲਣ ਦਾ ਐਨਾ ਦੁੱਖ ਮਨਾਇਆ , ਜਿੰਨਾ ਕਿਸੇ ਦੀ ਮੌਤ ਦਾ ਦੁੱਖ ਹੁੰਦਾ ਹੈ । ਪਰ ਕਦੇ ਕੋਈ ਵਿਦਵਾਨ ਸਾਡੀਆਂ ਉਹਨਾਂ ਮਾਪਿਆਂ ਨੂੰ ਲਾਹਨਤਾਂ ਨਹੀਂ ਪਾਉਂਦਾ ਜੋ ਆਪਣੇ ਬੱਚਿਆਂ ਦੀ ਤੋਤਲੀ ਅਵਾਜ਼ ਵਿੱਚ ਮਾਂ ਕਹਿਣ ਨੂੰ ਨਜ਼ਰ ਅੰਦਾਜ਼ ਕਰਕੇ ਜ਼ਬਰਦਸਤੀ ਉਸ ਦੇ ਮੂੰਹ ਵਿੱਚ ਏ ਐਪਲ ਪਾ ਕੇ ਅਗਾਂਹਵਧੂ ਹੋਣ ਦਾ ਅਡੰਬਰ ਕਰਦੇ ਹਨ ।ਅੱਜ ਅਵਸਥਾ ਇਹ ਬਣ ਚੁੱਕੀ ਹੈ ਕਿ ਪੰਜਾਬ ਵਿੱਚ ਨਿਰੋਲ ਪੰਜਾਬੀ ਲਿਖਣ , ਪੜ੍ਹਨ ਦੀ ਗੱਲ ਤਾਂ ਦੂਰ ਰਹੀ , ਨਿਰੋਲ ਅਤੇ ਸੁੱਧ ਪੰਜਾਬੀ ਬੋਲਣ ਵਾਲ਼ੇ ਲੋਕ ਵੀ ਬਹੁਤ ਘੱਟ ਗਿਣਤੀ ਵਿੱਚ ਰਹਿ ਗਏ ਹਨ । ਮਾਂ ਬੋਲੀ ਸੰਬੰਧੀ ਸਾਡੀ ਅਵਸਥਾ ਉਹ ਬਣ ਚੁੱਕੀ ਹੈ ਕਿ ,’ ਧੋਬੀ ਦਾ ਕੁੱਤਾ ਨਾ ਘਰ ਦਾ , ਨਾ ਘਾਟ ਦਾ ‘ । ਅੰਗਰੇਜ਼ੀ ਸਾਡੇ ਪੱਲੇ ਪੈ ਨੀ ਰਹੀ , ਹਿੰਦੀ ਦੇ ਅਸੀ ਹਾੜੇ ਜਿਹੇ ਕੱਢੀ ਜਾਂਦੇ ਆ , ਪੰਜਾਬੀ ਅਸੀ ਬੋਲਣਾ ਨੀ ਚਾਹੁੰਦੇ । ਸਾਡੀ ਆਮ ਬੋਲ ਚਾਲ ਦੀ ਬੋਲੀ ਮਿਲਗੋਭਾ ਜਿਹਾ ਬਣ ਕੇ ਰਹਿ ਗਈ ਹੈ ਜਿਵੇ ਹੈਂਡ ਵਾਸ਼ ਕਰ ਲੋ, ਰੈਡੀ ਹੋ ਜਾਈਏ, ਫੇਸ ਕਲੀਨ ਕਰ ਲੋ । ਹੁਣ ਫੇਸ ਕਹਿਣ ਵਾਲੇ ਬੱਚੇ ਨੂੰ ਕੀ ਪਤਾ ਲੱਗੇਗਾ ਕਿ
ਚਿਹਰਾ, ਬੂਥਾ, ਥੂਥਨੀ, ਥੋਬੜਾ, ਮੁਹਾਂਦਰਾ, ਮੁਖੜਾ ਕਿਸ ਨੂੰ ਕਹਿੰਦੇ ਹਨ ।
ਮੁੱਕਦੀ ਗੱਲ ਇਹ ਹੈ ਕਿ ਜੇ ਤੁਸੀਂ ਚਹੁੰਦੇ ਹੋ ਕਿ ਤੁਹਾਡੇ ਬੱਚੇ ਤੇਜ ਦਿਮਾਗ ਅਤੇ ਸਰਵਪੱਖੀ ਵਿਅਕਤਿਤਵ ਦੇ ਮਾਲਕ ਬਣਨ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਮਾਂ-ਬੋਲੀ ਚੰਗੇ ਢੰਗ ਨਾਲ਼ ਸਿਖਾਓ । ਇਸ ਲਈ ਸਿਰਫ ਮਾਪਿਆਂ ਤੇ ਅਧਿਆਪਕਾਂ ਦਾ ਹੀ ਨਹੀਂ ਸਗੋਂ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਨਵੀਂ ਪਨੀਰੀ ਨੂੰ ਆਪਣੀ ਮਾਂ-ਬੋਲੀ ਦੇ ਸੋਹਣੇ-ਸੋਹਣੇ ਸ਼ਬਦਾਂ ਦੀ ਗੁੜ੍ਹਤੀ ਦਈਏ ਤਾਂ ਕਿ ਇਹਨਾਂ ਦਾ ਤੰਦਰੁਸਤ ਮਾਨਸਿਕ ਵਿਕਾਸ ਹੋ ਸਕੇ।
- ਸੁਖਦੇਵ ਸਿੰਘ ਪੰਜਰੁੱਖਾ 🙏 ਫ਼ੋਨ -7888892342

Photos from Sukhdev Panjrukha 's post 12/02/2024

ਵਾਹਿਗੁਰੂ ਦੀ ਅਪਾਰ ਬਖ਼ਸ਼ਿਸ਼ ਦੁਆਰਾ, ਪਰਿਵਾਰ ਸਮੇਤ, ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ , ਜ਼ਿਲ੍ਹਾ ਨਾਰੋਵਾਲ , ਪਾਕਿਸਤਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਰਾਵੀ ਪਾਰ ਦੀ ਮਿੱਠੀ ਤੇ ਰਸ ਭਰਪੂਰ ਪੰਜਾਬੀ ਅਤੇ ਮਹਿਮਾਨ ਨਮਾਜ਼ੀ ਨੇ ਸੱਚਮੁੱਚ ਹੀ ਮਨ ਮੋਹ ਲਿਆ । ਇਸ ਮੁਕੱਦਸ ਅਸਥਾਨ ਤੇ ਜਾ ਕੇ ਜੋ ਸਕੂਨ ਮਿਲਿਆ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ । ਕਾਸ ! ਹੱਦਾਂ ਸਰਹੱਦਾਂ ਤੋਂ ਪਾਰ ਇਹ ਮੋਹ ਦੀਆਂ ਤੰਦਾਂ ਹੋਰ ਮਜਬੂਤ ਹੋਣ । ਸਮੁੱਚੇ ਅਹਿਸਾਸ ਦੇ ਬਾਬਤ ਇਹੋ ਕਹਿ ਸਕਦਾ ਹਾਂ ਕਿ -

ਰਾਵੀ ਦੇ ਪਾਰ ,
ਜੋ ਮਿਲਦਾ ਪਿਆਰ,
ਵਾਰ ਵਾਰ ਚੇਤੇ ਆਉਂਦਾ ਏ ।

ਜਮਨਾ ਦੇ ਪਾਰ
ਜੋ ਕਰਦੇ ਵਿਹਾਰ ,
ਦੇਖ ਮਨ ਘਬਰਾਉਂਦਾ ਏ ।

- ਸੁਖਦੇਵ ਸਿੰਘ ਪੰਜਰੁੱਖਾ 🙏

31/01/2024

**** ਪ੍ਰਦੂਸ਼ਣ ****

ਅੱਜ ਹਰ ਬੰਦਾ ਸੁਕਰਾਤ ਹੈ ,
ਜ਼ਹਿਰ ਪੀਂਦਾ ਦਿਨ ਰਾਤ ਹੈ ।
ਹਵਾ,ਪਾਣੀ,ਧਰਤੀ ‘ਚ ਜ਼ਹਿਰ ,
ਬਚਪਨ ਨੂੰ ਮਿਲਦੀ ਸੁਗਾਤ ਹੈ ।

ਧੰਧੂਕਾਰਾ ਵਿਆਪਿਆ ਚੁਫੇਰੇ ,
ਦਿਨ ਵੀ ਲੱਗਦਾ ਰਾਤ ਹੈ ।
ਹਰ ਸੈਅ ਐਥੇ ਜਹਿਰੀ ਹੋਈ ,
ਹਰ ਹਿਰਦੇ ਅੰਦਰ ਘਾਤ ਹੈ ।

ਮਿਲਾਵਟਖੋਰ ਹਰ ਬੰਦਾ ਐਥੇ ,
ਭਾਵੇਂ ਕੋਈ ਧਰਮ, ਕੋਈ ਜਾਤ ਹੈ ।
ਰੁੱਖ ਨਾ ਕੋਈ ਇੱਕ ਲਗਾਉਂਦਾ ,
ਪ੍ਰਦੂਸਣ ਦੀ ਪਾਉਂਦਾ ਬਾਤ ਹੈ ।

ਨਿਰਮਲ ਨੀਰ, ਹਵਾ ,ਜਮੀਂ ,
ਇਹ ਕੁਦਰਤ ਦੀ ਦਾਤ ਹੈ ।
ਫੇਰ ਵੀ ਹਵਾ ਪਾਣੀ ਸਭ ਵਿਕਦਾ ,
ਪ੍ਰਦੂਸ਼ਣ ਦੀ , ਇਹੋ ਸੌਗਾਤ ਹੈ

ਦੂਜਿਆਂ ਨੂੰ ਸਭ ਮੱਤਾਂ ਦਿੰਦੇ ,
ਖੁਦ ਨਾ ਪਾਉਂਦਾ ਅੰਦਰ ਝਾਤ ਹੈ ।
ਦਿਖਾਵੇ ਲਈ ਹੀ ਰੌਲ਼ਾ ਪਾਉਣਾ ,
ਪੰਜਰੁੱਖੇ , ਇਹ ਵੀ ਵੱਡਾ ਪਾਪ ਹੈ ।

ਅੱਜ ਹਰ ਬੰਦਾ ਸੁਕਰਾਤ ਹੈ ,
ਜਹਿਰ ਪੀਂਦਾ ਦਿਨ ਰਾਤ ਹੈ ।

ਸੁਖਦੇਵ ਸਿੰਘ ਪੰਜਰੁੱਖਾ
ਮੋਬਃ- 7888892342

Photos from Sukhdev Panjrukha 's post 07/01/2024

On the occasion of 77th foundation day of Bureau of Indian Standards ( BIS ) held at Hotel ShivalikView Sector 17 Chandigarh Honourable Education Secretary Shri Kamal Kishore Yadav ji , Ex Dy. DGSE BIS Shri Mahim Jain ji , Sen. Director BIS Shri S.S. Meena ji & other officials honouring our students for their achievements in Northern Region Zone competition. Thanks BIS 🙏

23/12/2023

ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ, ਯਹੀਂ ਸੇ ਬਨ ਕੇ ਸਿਤਾਰੇ ਗਏ ਆਸ਼ਮਾ ਕੇ ਲੀਏ।

22/12/2023

******* ਨਿੱਤਨੇਮ ਜ਼ਰੂਰੀ ਕਿਓਂ ਹੈ !*******

ਇੱਕ ਬਜ਼ੁਰਗ ਹਰ ਰੋਜ ਸਵੇਰ ਸ਼ਾਮ ਪਾਠ ਕਰਦਾ । ਉਸ ਦੇ ਨਿੱਤਨੇਮ ਨੂੰ ਉਸ ਬਜ਼ੁਰਗ ਦਾ ਪੋਤਰਾ ਹਰ ਰੋਜ ਦੇਖਦਾ । ਇੱਕ ਦਿਨ ਉਸ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਨਿੱਤਨੇਮ ਕਰਿਆ ਕਰਾਂਗਾ । ਬਾਬੇ ਨੇ ਕਿਹਾ ਹਾਂ , ਜ਼ਰੂਰ ਕਰਿਆ ਕਰ । ਬਹੁਤ ਵਧੀਆ ਗੱਲ ਹੈ ।

ਇੱਕ ਦਿਨ ਬੱਚਾ ਵੀ ਆਪਣੇ ਦਾਦਾ ਜੀ ਨਾਲ ਹੀ ਨਿੱਤਨੇਮ ਕਰਨ ਲਈ ਬੈਠ ਗਿਆ । ਦਾਦਾ ਉੱਚੀ ਅਵਾਜ਼ ਵਿੱਚ ਬੋਲ ਕੇ ਨਿੱਤਨੇਮ ਕਰਦਾ ਅਤੇ ਬੱਚਾ ਕੋਲ ਬੈਠ ਕੇ ਸੁਣਦਾ ਰਹਿੰਦਾ । ਇਸ ਤਰ੍ਹਾਂ ਚਾਰ ਪੰਜ ਦਿਨ ਵਧੀਆ ਲੰਘ ਗਏ । ਆਖ਼ਰ ਇੱਕ ਦਿਨ ਪੋਤਰਾ ਕਹਿਣ ਲੱਗਿਆ ,” ਦਾਦਾ ਜੀ , ਮੈਨੂੰ ਤਾਂ ਕੁੱਝ ਵੀ ਸਮਝ ਨਹੀਂ ਲੱਗਦਾ । ਨਾ ਹੀ ਮੇਰੇ ਕੁੱਝ ਯਾਦ ਰਹਿੰਦਾ ਹੈ ।ਫੇਰ ਰੋਜ ਰੋਜ ਪਾਠ ਕਰਨ ਦਾ ਕੀ ਫ਼ਾਇਦਾ”?

ਦਾਦਾ ਸਮਝ ਗਿਆ ਕਿ ਬੱਚੇ ਦਾ ਮਨ ਉਕਤਾ ਗਿਆ ਹੈ । ਉਸ ਨੇ ਪੋਤਰੇ ਨੂੰ ਕਿਹਾ ,” ਬੇਟਾ ਆਹ ਜਿਹੜੀ ਕੋਲ਼ੇ ਵਾਲੀ ਟੋਕਰੀ ਪਈ ਹੈ । ਇਸ ਵਿੱਚੋਂ ਕੋਲ਼ੇ ਢੇਰੀ ਕਰਕੇ , ਜਾਹ ਇਸ ਟੋਕਰੀ ਨੂੰ ਪਾਣੀ ਦੇ ਚੁਬੱਚੇ ਵਿੱਚੋਂ ਪਾਣੀ ਦੀ ਭਰ ਕੇ ਲਿਆ “ । ਬੱਚਾ ਟੋਕਰੀ ਲੈ ਕੇ ਗਿਆ । ਪਾਣੀ ਦੇ ਚੁਬੱਚੇ ਵਿੱਚ ਡੁਬੋਈ , ਅਤੇ ਟੋਕਰੀ ਬਾਹਰ ਕੱਢ ਕੇ , ਆਪਣੇ ਦਾਦਾ ਜੀ ਕੋਲ ਲੈ ਆਇਆ । ਟੋਕਰੀ ਦੇਖ ਕੇ ਦਾਦੇ ਨੇ ਕਿਹਾ ,” ਪੁੱਤਰ ਇਸ ਵਿੱਚੋਂ ਤਾਂ ਸਾਰਾ ਪਾਣੀ ਨਿੱਕਲ ਗਿਆ । ਜਾਹ ਦੁਬਾਰਾ ਜਾਹ । ਟੋਕਰੀ ਭਰ ਕੇ ਦੌੜ ਕੇ ਜਲਦੀ ਆਈ “ । ਬੱਚਾ ਫੇਰ ਗਿਆ ਤੇ ਟੋਕਰੀ ਭਰ ਕੇ ਤੇਜ਼ੀ ਨਾਲ ਵਾਪਸ ਆਇਆ । ਜਦੋਂ ਦੇਖਿਆ ਤਾਂ ਫੇਰ ਟੋਕਰੀ ਵਿੱਚ ਪਾਣੀ ਨਹੀਂ ਸੀ । ਇਸ ਤਰ੍ਹਾਂ ਬੱਚੇ ਨੇ ਲਗਾਤਾਰ ਦਸ ਬਾਰਾਂ ਵਾਰ ਕੋਸ਼ਿਸ਼ ਕੀਤੀ । ਆਖ਼ਰ ਕਹਿਣ ਲੱਗਿਆ ,” ਦਾਦਾ ਜੀ ਟੋਕਰੀ ਵਿੱਚੋਂ ਤਾਂ ਸਾਰਾ ਪਾਣੀ ਨਿਕਲ ਜਾਂਦਾ ਹੈ । ਇਸ ਵਿੱਚ ਪਾਣੀ ਨੀ ਆ ਸਕਦਾ “।
ਦਾਦਾ ਕਹਿਣ ਲੱਗਿਆ ,” ਪੁੱਤਰਾ , ਟੋਕਰੀ ਵਿੱਚੋਂ ਭਾਵੇਂ ਪਾਣੀ ਨਹੀਂ ਆਇਆ । ਪਰ ਧਿਆਨ ਨਾਲ ਦੇਖ ਟੋਕਰੀ ਵਿੱਚ ਕੀ ਫਰਕ ਪਿਆ ਹੈ । ਪਹਿਲਾ ਟੋਕਰੀ ਦਾ ਰੰਗ ਕੋਲ਼ੇ ਕਾਰਨ ਕਾਲਾ ਹੋਇਆ ਪਿਆ ਸੀ । ਹੁਣ ਟੋਕਰੀ ਬਿਲਕੁਲ ਸਾਫ਼ ਹੋ ਗਈ ਹੈ “। ਠੀਕ ਇਸ ਤਰ੍ਹਾਂ ਵਾਰ ਪਾਠ ਕਰਨ ਨਾਲ , ਸਾਨੂੰ ਭਾਵੇ ਪੂਰੀ ਤਰ੍ਹਾਂ ਬਾਣੀ ਸਮਝ ਨਾ ਲੱਗੇ , ਭਾਵੇਂ ਬਾਣੀ ਯਾਦ ਨਾ ਰਹੇ । ਪਰ ਇੱਕ ਗੱਲ ਜ਼ਰੂਰ ਹੈ ਕਿ ਹਰ ਵਾਰ ਪਾਠ ਕਰਨ ਨਾਲ ਸਾਡੇ ਮਨ ਦੀ ਕਾਲਖ ਕੁੱਝ ਨਾ ਕੁੱਝ ਘਟਦੀ ਜ਼ਰੂਰ ਹੈ । ਜਿਵੇਂ ਪਾਣੀ ਨਾਲ ਟੋਕਰੀ ਦੀ ਕਾਲਖ ਘੱਟ ਗਈ । ਇਸ ਲਈ ਹਰ ਰੋਜ ਨਿੱਤਨੇਮ ਕਰਨ ਨਾਲ , ਚੰਗੀਆਂ ਪੁਸਤਕਾ ਪੜ੍ਹਨ ਨਾਲ , ਚੰਗੀਆਂ ਗੱਲਾਂ ਸੁਣਨ ਨਾਲ ਸਾਡੇ ਅੰਦਰਲੀ ਅਗਿਆਨਤਾ ਦੀ ਕਾਲਖ ਘੱਟਦੀ ਜਾਂਦੀ ਹੈ ਅਤੇ ਗਿਆਨ ਦਾ ਪ੍ਰਕਾਸ਼ ਵਧਣ ਲੱਗਦਾ ਹੈ । ਇਸ ਲਈ ਸਾਨੂੰ ਕਿਸੇ ਵੀ ਚੰਗੇ ਕੰਮ ਕਰਨ , ਧਾਰਮਿਕ ਪਾਠ ਕਰਨ ਅਤੇ ਚੰਗੀਆਂ ਗੱਲਾ ਸਿੱਖਣ ਦਾ ਨਿੱਤਨੇਮ ਕਰਨਾ ਬਹੁਤ ਜ਼ਰੂਰੀ ਹੈ ।
ਸੁਖਦੇਵ ਸਿੰਘ ਪੰਜਰੁੱਖਾ ।
ਮੋਬਃ 7888892342

08/12/2023
Want your public figure to be the top-listed Public Figure in Rupnagar?
Click here to claim your Sponsored Listing.

Telephone

Website

Address


Rupnagar
140001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm